ਆਪਰੇਸ਼ਨ ਲੋਟਸ ਤਹਿਤ ਜਲੰਧਰ ਪੱਛਮੀ ਤੋਂ 'ਆਪ' ਵਿਧਾਇਕ ਸ਼ੀਤਲ ਅੰਗੁਰਾਲ ਨੂੰ ਖਰੀਦਣ ਦੇ ਮਾਮਲੇ 'ਚ ਵੱਡਾ ਖੁਲਾਸਾ ਹੋਇਆ ਹੈ। ਵਿਧਾਇਕ ਸ਼ੀਤਲ ਅਤੇ ਜਲੰਧਰ ਕੇਂਦਰੀ ਹਲਕੇ ਦੇ ਵਿਧਾਇਕ ਰਮਨ ਅਰੋੜਾ ਨੇ ਅੱਜ ਚੰਡੀਗੜ੍ਹ ਸਥਿਤ ਵਿਜੀਲੈਂਸ ਦਫ਼ਤਰ ਵਿਖੇ ਆਪਣੇ ਬਿਆਨ ਦਰਜ ਕਰਵਾਏ। ਵਿਧਾਇਕ ਸ਼ੀਤਲ ਅੰਗੂਰਾਲ ਨੇ ਉਹ ਫੋਨ ਨੰਬਰ ਵੀ ਵਿਜੀਲੈਂਸ ਨੂੰ ਦਿੱਤੇ ਜਿਸ ਤੋਂ ਵਿਧਾਇਕ ਨੂੰ ਪੈਸੇ ਲੈਕੇ ਭਾਜਪਾ 'ਚ ਸ਼ਾਮਿਲ ਹੋਣ ਲਈ ਫੋਨ ਆਇਆ ਸੀ । ਸ਼ੀਤਲ ਅੰਗੂਰਾਲ ਨੇ ਖੁਲਾਸਾ ਕੀਤਾ ਕਿ ਉਕਤ ਵਿਅਕਤੀ ਨੇ ਉਸ ਨੂੰ ਕਿਹਾ ਸੀ ਕਿ ਉਹ ਪਹਿਲਾਂ ਉਸ ਨੂੰ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨਾਲ ਮਿਲਾਵੇਗਾ। ਇਸ ਤੋਂ ਬਾਅਦ ਉਹ ਬਾਬੂ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕਰਾਉਣਗੇ। ਉਹਨਾਂ ਕਿਹਾ ਗਿਆ ਸੀ ਕਿ ਭਾਜਪਾ ਵਿੱਚ ਸ਼ਾਮਿਲ ਹੋਣ ਲਈ 25 ਕਰੋੜ ਰੁਪਏ ਦਿੱਤੇ ਜਾਣਗੇ। ਹਾਲਾਂਕਿ ਸ਼ੀਤਲ ਅੰਗੂਰਾਲ ਨੇ ਅਨੁਰਾਗ ਠਾਕੁਰ ਨਾਲ ਕੋਈ ਸਿੱਧੀ ਗੱਲਬਾਤ ਨਹੀਂ ਕੀਤੀ। ਉਕਤ ਵਿਅਕਤੀ ਨੇ ਅਨੁਰਾਗ ਠਾਕੁਰ ਦਾ ਨਾਂ ਲਿਆ ਸੀ। ਸ਼ੀਤਲ ਅੰਗੂਰਾਲ ਦੇ ਇਨ੍ਹਾਂ ਬਿਆਨਾਂ ਤੋਂ ਬਾਅਦ ਸਿਆਸਤ ਗਰਮਾ ਗਈ ਹੈ। ਇਸ ਦੇ ਨਾਲ ਹੀ ਵਿਧਾਇਕ ਰਮਨ ਅਰੋੜਾ ਨੇ ਵੀ ਉਕਤ ਨੰਬਰ ਵਿਜੀਲੈਂਸ ਨੂੰ ਦਿੱਤਾ ਹੈ, ਜਿਸ ਤੋਂ ਉਨ੍ਹਾਂ ਨੂੰ ਫੋਨ ਆਇਆ ਸੀ। ਹਾਲਾਂਕਿ ਰਮਨ ਨੂੰ ਖਰੀਦਣ ਵਾਲੇ ਵਿਅਕਤੀ ਨੇ ਕਿਸੇ ਦਾ ਨਾਂ ਨਹੀਂ ਲਿਆ।