'ਮੇਰੇ ਖਿਲਾਫ ਮਾਮਲਾ ਦਰਜ ਕਰਨ ਲਈ CBI ਅਧਿਕਾਰੀ 'ਤੇ ਦਬਾਅ ਸੀ, ਇਸ ਲਈ ਉਸ ਨੇ ਕੀਤੀ ਖੁਦਕੁਸ਼ੀ' : Manish Sisodia

2022-09-05 0

ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਅੱਜ ਦਾਅਵਾ ਕੀਤਾ ਕਿ ਸੀਬੀਆਈ ਦੇ ਇੱਕ ਅਧਿਕਾਰੀ ਨੇ ਇਸ ਕਰਕੇ ਖੁਦਕੁਸ਼ੀ ਕਰ ਲਈ ਕਿਉਂਕਿ ਉਨ੍ਹਾਂ ਨੂੰ ਝੂਠੇ ਆਬਕਾਰੀ ਕੇਸ ਵਿੱਚ ਫਸਾਉਣ ਲਈ ਉਸ ’ਤੇ ਦਬਾਅ ਪਾਇਆ ਗਿਆ ਸੀ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਵੀ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਹ ਸਿਰਫ ਵਿਧਾਇਕਾਂ ਨੂੰ ਨਿਸ਼ਾਨਾ ਬਣਾ ਕੇ ਗ਼ੈਰ-ਭਾਜਪਾ ਸ਼ਾਸਿਤ ਸੂਬਿਆਂ ਦੀਆਂ ਸਰਕਾਰਾਂ ਨੂੰ ਅਸਥਿਰ ਕਰਨ ਬਾਰੇ ਸੋਚਦੇ ਹਨ। ਦੱਸਣਯੋਗ ਹੈ ਕਿ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਪਿਛਲੇ ਸਾਲ ਨਵੰਬਰ ਵਿੱਚ ਸਾਹਮਣੇ ਆਈ ਦਿੱਲੀ ਆਬਕਾਰੀ ਨੀਤੀ ਨੂੰ ਬਣਾਉਣ ਅਤੇ ਲਾਗੂ ਕਰਨ ਵਿੱਚ ਕਥਿਤ ਬੇਨਿਯਮੀਆਂ ਦੀ ਜਾਂਚ ਲਈ ਐੱਫਆਈਆਰ ਦਰਜ ਕਰਨ ਤੋਂ ਬਾਅਦ ਪਿਛਲੇ ਮਹੀਨੇ ਸਿਸੋਦੀਆ ਦੀ ਦਿੱਲੀ ਰਿਹਾਇਸ਼ ’ਤੇ ਛਾਪਾ ਮਾਰਿਆ ਸੀ। ਸਿਸੋਦੀਆ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੋਸ਼ ਲਾਇਆ, ‘‘ਇੱਕ ਸੀਬੀਆਈ ਅਧਿਕਾਰੀ ’ਤੇ ਮੈਨੂੰ ਆਬਕਾਰੀ ਦੇ ਝੂਠੇ ਕੇਸ ਵਿੱਚ ਫਸਾਉਣ ਲਈ ਦਬਾਅ ਪਾਇਆ ਗਿਆ। ਉਹ ਮਾਨਸਿਕ ਦਬਾਅ ਨੂੰ ਝੱਲ ਨਹੀਂ ਕਰ ਸਕਿਆ ਅਤੇ ਦੋ ਦਿਨ ਪਹਿਲਾਂ ਉਸ ਨੇ ਖੁਦਕੁਸ਼ੀ ਕਰ ਲਈ। ਇਹ ਸੱਚਮੁੱਚ ਮੰਦਭਾਗਾ ਹੈ, ਮੈਂ ਬਹੁਤ ਦੁਖੀ ਹਾਂ।’’ ਸੀਬੀਆਈ ਅਧਿਕਾਰੀ ਦੀ ਕਥਿਤ ਖੁਦਕੁਸ਼ੀ ’ਤੇ ਸਿਸੋਦੀਆ ਨੇ ਕਿਹਾ, ‘‘ਮੈਂ ਪ੍ਰਧਾਨ ਮੰਤਰੀ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਅਫਸਰਾਂ ’ਤੇ ਇੰਨਾ ਦਬਾਅ ਕਿਉਂ ਪਾਇਆ ਜਾ ਰਿਹਾ ਹੈ ਕਿ ਉਹ ਅਜਿਹੇ ਸਖ਼ਤ ਕਦਮ ਚੁੱਕਣ ਲਈ ਮਜਬੂਰ ਹਨ। ਜੇਕਰ ਤੁਸੀਂ ਚਾਹੁੰਦੇ ਹੋ ਤਾਂ ਮੈਨੂੰ ਗ੍ਰਿਫਤਾਰ ਕਰੋ, ਪਰ ਆਪਣੇ ਅਫਸਰਾਂ ਦੇ ਪਰਿਵਾਰਾਂ ਨੂੰ ਬਰਬਾਦ ਨਾ ਕਰੋ।’’ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਦੱਸਣਾ ਚਾਹੀਦਾ ਹੈ ਕਿ ਕੀ ਕੇਂਦਰ ਕੋਲ ਇਕਲੌਤਾ ਕੰਮ ਸਿਰਫ ‘ਅਪਰੇਸ਼ਨ ਲੋਟਸ’ ਦਾ ਹੀ ਹੈ?