ਕਾਲਜ ਦੀ ਪ੍ਰਧਾਨਗੀ ਨੂੰ ਲੈ ਕੇ ਨਜਾਇਜ ਅਸਲਾ ਲੈ ਕੇ ਘੁੰਮ ਰਿਹਾ ਜਿੰਮੀ ਆਇਆ ਅੜਿੱਕੇ, ਚਾਰ ਫਰਾਰ

2019-09-19 7

ਤਰਨਤਾਰਨ : ਥਾਣਾ ਸਰਹਾਲੀ ਦੀ ਪੁਲਿਸ ਨੇ ਕਾਲਜ ਦੀ ਪ੍ਰਧਾਨਗੀ ਨੂੰ ਲੈ ਕੇ ਫਾਰਚੂਨਰ ਕਾਰ 'ਚ ਨਜਾਇਜ ਅਸਲਾ ਲੈ ਕੇ ਘੁੰਮ ਰਹੇ ਪੰਜ ਨੌਜਵਾਨਾਂ ਨੂੰ ਬੇਨਕਾਬ ਕੀਤਾ ਹੈ। ਪੁਲਿਸ ਨੇ ਨਾਕੇਬੰਦੀ ਦੌਰਾਨ ਸੰਦੀਪ ਸਿੰਘ ਉਰਫ ਜਿੰਮੀ ਪੁੱਤਰ ਹਰਜਿੰਦਰ ਸਿੰਘ ਵਾਸੀ ਢੋਟੀਆਂ ਨਾਮਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਜਿਸ ਦੇ ਕਬਜੇ 'ਚੋਂ ਪੁਲਿਸ ਨੂੰ ਇਕ 32 ਬੋਰ ਪਿਸਤੌਲ ਨੰਬਰ ਆਰਪੀ 180584, ਇਕ ਮੈਗਜੀਨ 4 ਰੌਂਦ ਜਿੰਦਾ, 11 ਰੌਂਦ ਸਪਰਿੰਗ ਫੀਲਡ, 21 ਰੌਂਦ ਜਿੰਦਾ 315 ਬੋਰ ਤੇ ਇਕ ਫਾਰਚੂਨਰ ਕਾਰ ਬਰਾਮਦ ਹੋਈ ਹੈ। ਜਦੋਂਕਿ ਉਸ ਦੇ ਚਾਰ ਸਾਥੀ ਅਜੇ ਫਰਾਰ ਦੱਸੇ ਜਾ ਰਹੇ ਹਨ।
ਥਾਣਾ ਸਰਹਾਲੀ ਦੇ ਸਬ ਇੰਸਪੈਕਟਰ ਲਖਬੀਰ ਸਿੰਘ ਨੇ ਦੱਸਿਆ ਕਿ ਨੌਸ਼ਹਿਰਾ ਪਨੂੰਆਂ ਚੌਂਕੀ ਇੰਚਾਰਜ ਏਐਸਆਈ ਚਰਨ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਸਰਹਾਲੀ ਕਾਲਜ ਦੀ ਪ੍ਰਧਾਨਗੀ ਨੂੰ ਲੈ ਕੇ ਕੁਝ ਨੌਜਵਾਨ ਨਜਾਇਜ ਅਸਲਾ ਲੈ ਕੇ ਇਲਾਕੇ 'ਚ ਘੁੰਮ ਰਹੇ ਹਨ। ਜਿਨ੍ਹਾਂ ਨੇ ਟੀ ਪੁਆਇੰਟ ਨੌਸ਼ਹਿਰਾ ਪਨੂੰਆਂ 'ਤੇ ਨਾਕੇਬੰਦੀ ਕਰ ਕੇ ਇਕ ਫਾਰਚੂਨਰ ਕਾਰ ਨੰਬਰ ਪੀਬੀ 46 ਏਜੀ 0098 ਨੂੰ ਰੁਕਣ ਦਾ ਇਸ਼ਾਰਾ ਕੀਤਾ। ਜਿਸ 'ਚੋਂ ਚਾਰ ਨੌਜਵਾਨ ਭੱਜਣ 'ਚ ਕਾਮਯਾਬ ਹੋ ਗਏ। ਜਦੋਂਕਿ ਇਕ ਵਿਅਕਤੀ ਨੂੰ ਪੁਲਿਸ ਨੇ ਕਾਬੂ ਕਰ ਲਿਆ। ਫੜੇ ਗਏ ਵਿਅਕਤੀ ਦੀ ਪਛਾਣ ਸੰਦੀਪ ਸਿੰਘ ਉਰਫ ਜਿੰਮੀ ਪੁੱਤਰ ਹਰਜਿੰਦਰ ਸਿੰਘ ਵਾਸੀ ਢੋਟੀਆਂ ਦੇ ਤੌਰ 'ਤੇ ਹੋਈ ਹੈ। ਜਦੋਂਕਿ ਉਸ ਦੇ ਫਰਾਰ ਸਾਥੀ ਗੁਰਲਾਲ ਸਿੰਘ ਪੁੱਤਰ ਤਰਸੇਮ ਸਿੰਘ ਸਰਪੰਚ, ਮਹਿੰਦਰ ਸਿੰਘ ਵਾਸੀ ਨੌਸ਼ਹਿਰਾ ਪਨੂੰਆਂ, ਰਵੀ ਪੁੱਤਰ ਤਰਲੋਕ ਸਿੰਘ ਵਾਸੀ ਦੁੱਗਲਵਾਲਾ ਅਤੇ ਇਕ ਅਣਪਛਾਤੇ ਵਿਅਕਤੀ ਦੇ ਤੌਰ 'ਤੇ ਹੋਈ ਹੈ। ਸਬ ਇੰਸਪੈਕਟਰ ਲਖਬੀਰ ਸਿੰਘ ਨੇ ਕਿਹਾ ਕਿ ਫਾਰਚੂਨਰ ਗੱਡੀ ਵਿਚੋਂ ਪੁਲਿਸ ਨੂੰ ਉਕਤ ਅਸਲਾ ਬਰਾਮਦ ਹੋਇਆ ਹੈ। ਜਿਨ੍ਹਾਂ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਏਐਸਆਈ ਚਰਨ ਸਿੰਘ ਨੂੰ ਸੌਂਪ ਦਿੱਤੀ ਹੈ। ਜਾਂਚ ਅਧਿਕਾਰੀ ਚਰਨ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ 'ਚ ਪੇਸ਼ ਕਰ ਕੇ ਉਸ ਦਾ ਪੁਲਿਸ ਰਿਮਾਂਡ ਲਿਆ ਜਾ ਰਿਹਾ ਹੈ। ਜਿਸ ਤੋਂ ਬਾਅਦ ਹੀ ਪੁਲਿਸ ਨੂੰ ਨਜਾਇਜ ਹਥਿਆਰ ਸਬੰਧੀ ਅਗਲੀ ਜਾਣਕਾਰੀ ਮਿਲ ਸਕਦੀ ਹੈ।