ਪੰਜਾਬ ਨੇ ਅੱਜ ਇੱਕ ਹੋਰ ਮੀਲ-ਪੱਥਰ ਸਥਾਪਿਤ ਕਰ ਦਿੱਤਾ। ਸਾਡੇ ਦੇਸ਼ ਦਾ ਪਹਿਲਾ ਅਜਿਹਾ ਪੁਲਿਸ ਸਿਸਟਮ ਲਾਗੂ ਹੋ ਗਿਆ ਹੈ ਜਿਸ ਤਹਿਤ 20 ਮਿੰਟਾਂ ਵਿੱਚ ਸਾਡੇ ਪੁਲਿਸ ਜਵਾਨ ਤੁਹਾਡੇ ਤੱਕ ਪਹੁੰਚ ਜਾਇਆ ਕਰਨਗੇ। ਇਹ ਸੇਵਾ ਹਫ਼ਤੇ ਦੇ 7 ਦਿਨ ਅਤੇ 24 ਘੰਟੇ ਉਪਲਬਧ ਹੋਵੇਗੀ। ਕਿਸੇ ਵੀ ਐਮਰਜੈਂਸੀ ਵੇਲੇ ਤੁਸੀਂ 100 ਨੰਬਰ ਡਾਇਲ ਕਰੋ ਅਤੇ ਤੁਰੰਤ ਤੁਹਾਡੇ ਕੋਲ ਪੁਲਿਸ ਜਵਾਨ ਪਹੁੰਚ ਜਾਣਗੇ। ਇਸ ਸਿਸਟਮ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਚਲਾਉਣ ਲਈ 400 ਨਵੇਂ ਅਤਿ-ਆਧੁਨਿਕ ਮੋਟਰਸਾਈਕਲ ਅਤੇ 220 ਬਲੈਰੋ ਗੱਡੀਆਂ ਨੂੰ ਰਵਾਨਾ ਕਰਕੇ ਮਨ ਨੂੰ ਪੂਰੀ ਤਸੱਲੀ ਹੋਈ ਹੈ। ਲਾਅ ਐਂਡ ਆਡਰ ਦੀ ਸਥਿਤੀ ਨਾਲ ਨਿਪਟਣ ਲਈ ਸਾਡੀ ਪੁਲਿਸ ਦੇ ਜਵਾਨ ਤਿਆਰ-ਬਰ-ਤਿਆਰ ਰਹਿਣਗੇ। ਪੰਜਾਬ ਦੇ ਪੇਂਡੂ ਖੇਤਰਾਂ ਦੀ ਸੰਪੂਰਨ ਸੁਰੱਖਿਆ ਲਈ ਇਸ ਸਕੀਮ ਦਾ ਘੇਰਾ ਪਿੰਡਾਂ ਵੱਲ ਜ਼ਿਆਦਾ ਰੱਖਿਆ ਗਿਆ ਹੈ। "ਰੈਪਿਡ ਰੂਰਲ ਪੁਲਿਸ ਰਿਸਪਾਂਸ ਸਿਸਟਮ" ਨਾਂਅ ਦੀ ਇਹ ਸਕੀਮ ਦੇਸ਼ ਭਰ ਵਿੱਚ ਹੋਰ ਕਿਤੇ ਵੀ ਉਪਲਬਧ ਨਹੀਂ ਹੈ। ਛੇਤੀ ਹੀ ਅਸੀਂ 8000 ਪੁਲਿਸ ਜਵਾਨਾਂ ਦੀ ਹੋਰ ਭਰਤੀ ਕਰ ਰਹੇ ਹਾਂ। ਮਹਿਲਾ ਪੁਲਿਸ ਕਰਮੀਆਂ ਦੀਆਂ ਟੀਮਾਂ ਵੀ 15 ਦਿਨਾਂ ਦੇ ਵਿੱਚ ਬਣਾ ਦਿੱਤੀਆਂ ਜਾਣਗੀਆਂ ਜਿਸ ਨਾਲ ਵਿੱਦਿਅਕ ਸੰਸਥਾਵਾਂ ਅਤੇ ਦਫ਼ਤਰਾਂ ਵਿੱਚ ਕੰਮ ਕਰਦੀਆਂ ਔਰਤਾਂ ਦੀ ਸੁਰੱਖਿਆ ਹੋਰ ਵੀ ਯਕੀਨੀ ਬਣੇਗੀ। ਪੰਜਾਬ ਪੁਲਿਸ ਦੇ ਆਧੁਨਿਕੀਕਰਨ ਵਿੱਚ ਇਹ ਸਕੀਮ ਵੱਡਾ ਕਦਮ ਹੈ।