ਭਾਰਤ ਨੂੰ ਮਿਲਿਆ ਦੂਜਾ 'ਉੱਡਣਾ ਸਿੱਖ', ਏਸ਼ੀਅਨ ਖੇਡਾਂ 'ਚ ਮਚਾਇਆ ਤਹਿਲਕਾ
ਦੋਹਾ- ਦਿੱਲੀ ਦੇ ਸਿੱਖ ਦੌੜਾਕ ਬੇਅੰਤ ਸਿੰਘ ਨੇ ਏਸ਼ੀਅਨ ਯੂਥ ਐਥਲੈਟਿਕਸ ਚੈਂਪੀਅਨਸ਼ਿਪ ਦੇ ਦੂਜੇ ਦਿਨ 800 ਮੀਟਰ ਰੇਸ 'ਚ 1:52:26 ਦੇ ਟਾਈਮ ਨਾਲ ਗੋਲਡ ਮੈਡਲ ਜਿੱਤਿਆ, ਜੋ ਯੂਥ ਸ਼੍ਰੇਣੀ 'ਚ ਦੁਨੀਆ ਦਾ ਸਭ ਤੋਂ ਤੇਜ਼ ਸਮਾਂ ਹੈ।
ਬੇਅੰਤ ਸਿੰਘ ਤੋਂ ਇਲਾਵਾ ਮਹਾਰਾਸ਼ਟਰ ਦੇ ਆਦੀਵਾਸੀ ਇਲਾਕੇ ਦੇ ਕਿਸ਼ਨ ਨਰਸੀ ਤਦਵੀ ਨੇ ਵੀ 3000 ਮੀਟਰ 'ਚ ਸੋਨੇ ਦਾ ਤਗਮਾ ਜਿੱਤਿਆ। ਭਾਰਤ ਨੂੰ ਖੇਡਾਂ ਦੇ ਦੂਜੇ ਦਿਨ 3 ਤਗਮੇ ਹਾਸਲ ਹੋਏ।
16 ਸਾਲਾਂ ਬੇਅੰਤ ਸਿੰਘ ਨੇ ਦੋ ਲੈਪ ਦੀ ਇਸ ਦੌੜ 'ਚ ਆਸਾਨ ਜਿੱਤ ਦਰਜ ਕੀਤੀ ਅਤੇ ਇਕ ਮਿੰਟ 52.26 ਸੈਂਕਿੰਡ ਦਾ ਸਮਾਂ ਲੈ ਕੇ ਯੂਥ ਵਰਗ 'ਚ ਇਸ ਸਾਲ ਦੁਨੀਆ ਦਾ ਸਭ ਤੋਂ ਤੇਜ਼ ਸਮਾਂ ਕੱਢਿਆ।
ਉਸ ਨੇ ਕਤਰ ਸਪੋਰਟਸ ਕਲੱਬ ਸਟੇਡੀਅਮ 'ਚ ਪਹਿਲਾ ਚੱਕਰ 54 ਸੈਂਕਿੰਡ ਦੇ ਸ਼ਾਨਦਾਰ ਸਮੇਂ ਨਾਲ ਪੂਰਾ ਕੀਤਾ ਅਤੇ ਸ਼ੁਰੂ ਤੋਂ ਲੈ ਕੇ ਅਖ਼ੀਰ ਤੱਕ ਵੱਡੀ ਲੀਡ ਨਾਲ ਰੇਸ ਜਿੱਤ ਲਈ।
ਦਿੱਲੀ ਦੇ ਦੌੜਾਕ ਨੇ ਭਾਰਤ ਨੂੰ ਪਹਿਲਾ ਸੋਨਾ ਦਿਵਾਇਆ, ਖੇਡਾਂ ਦੇ ਸ਼ੁਰੂਆਤੀ ਦਿਨ ਭਾਰਤ ਨੇ ਇਕ ਸਿਲਵਰ ਤੇ ਦੋ ਕੈਂਹੇ ਦੇ ਤਗਮੇ ਜਿੱਤੇ ਸਨ।
ਇਸ ਤੋਂ ਦੋ ਘੰਟਿਆਂ ਬਾਅਦ ਹੀ ਕਿਸ਼ਨ ਤਦਵੀ ਨੇ 3000 ਮੀਟਰ ਦੀ ਰੇਸ 'ਚ 8:26:24 ਦਾ ਪ੍ਰਭਾਵਸ਼ਾਲੀ ਸਮਾਂ ਕੱਢ ਕੇ ਭਾਰਤ ਨੂੰ ਦੂਜਾ ਸੋਨਾ ਦਿਵਾਇਆ। ਡੇਕਾਥਲਨ ਐਥਲੀਟ ਆਰ.ਰਾਜੇਸ ਨੇ ਦਸ ਮੁਕਾਬਲਿਆਂ 'ਚ ਕੁੱਲ 5867 ਅੰਕ ਹਾਸਲ ਕਰਕੇ ਚਾਂਦੀ ਹਾਸਲ ਕੀਤੀ। ਭਾਰਤ ਦੇ ਹਿੱਸੇ ਦੋ ਦਿਨਾਂ 'ਚ ਦੋ ਸੋਨੇ ਦੇ, ਦੋ ਚਾਂਦੀ ਦੇ ਤੇ ਦੋ ਕੈਂਹੇ ਦੇ ਤਗਮੇ ਆ ਚੁੱਕੇ ਹਨ।
ਪਹਿਲਵਾਨ ਤੋਂ ਅਥਲੀਟ ਬਣੇ ਬੇਅੰਤ ਸਿੰਘ ਨੇ ਪਿਛਲੇ ਸਾਲ ਦਿੱਲੀ ਦੇ ਜਵਾਹਰਲਾਲ ਨਹਿਰੂ ਸਟੇਡੀਅਮ 'ਚ ਕੌਮੀਓਪਨ ਐਥਲੈਟਿਕਸ 'ਚ 800 ਮੀਟਰ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ। ਬੇਅੰਦ ਸਿੰਘ ਦਾ ਹੁਣ ਅਗਲਾ ਨਿਸ਼ਾਨਾ ਕਾਲੀ 'ਚ ਹੋਣ ਵਾਲੀ ਆਈ.ਏ.ਏ.ਐੱਫ ਵਿਸ਼ਵ ਯੂਥ ਚੈਂਪੀਅਨਸ਼ਿਪ 'ਚ ਬਾਜ਼ੀ ਮਾਰਨਾ ਹੈ।