Shiv Sena disturbing peace of Punjab -2

2015-02-12 1,188

ਅੰਮ੍ਰਿਤਸਰ, 12 ਫਰਵਰੀ:ਦਮਦਮੀ ਟਕਸਾਲ ਦੇ ਸਾਬਕਾ ਮੁਖੀ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਜਨਮ ਦਿਹਾੜਾ ਮਨਾਏ ਜਾਣ ਦੇ ਵਿਰੋਧ ਵਿੱਚ ਹਿੰਦੂ ਫ਼ਿਰਕੂ ਜਥੇਬੰਦੀਆਂ ਸ਼ਿਵ ਸੈਨਾ ਅਤੇ ਕਰਨ ਸੈਨਾ ਵੱਲੋਂ ਅੱਜ ਇਥੇ ਸੰਤ ਭਿੰਡਰਾਂਵਾਲਿਆਂ ਦਾ ਪੁਤਲਾ ਸਾੜੇ ਜਾਣ ਕਾਰਨ ਸ਼ਹਿਰ ਵਿੱਚ ਤਣਾਅ ਵਾਲੀ ਸਥਿਤੀ ਬਣ ਗਈ। ਹਿੰਦੂ ਜਥੇਬੰਦੀਆਂ ਦੀ ਇਸ ਕਾਰਵਾਈ ਦਾ ਵਿਰੋਧ ਕਰਨ ਲਈ ਸਿੱਖ ਜਥੇਬੰਦੀਆਂ ਦੇ ਕਾਰਕੁਨ ਵੀ ਮੌਕੇ ’ਤੇ ਪੁੱਜ ਗਏ ਸਨ ਪਰ ਦੋਵਾਂ ਧਿਰਾਂ ਨੂੰ ਆਹਮੋ ਸਾਹਮਣੇ ਆਉਣ ਤੋਂ ਰੋਕਣ ਲਈ ਪੁਲੀਸ ਨੇ ਤਕਰੀਬਨ 9 ਜਣਿਆਂ ਨੂੰ ਹਿਰਾਸਤ ਵਿੱਚ ਲੈ ਲਿਆ।
ਹਿੰਦੂ ਜਥੇਬੰਦੀ ਕਰਨ ਸੈਨਾ ਅਤੇ ਸ਼ਿਵ ਸੈਨਾ ਸ਼ੇਰੇ ਪੰਜਾਬ ਦੇ ਕਾਰਕੁਨਾਂ ਨੇ ਅੱਜ ਇਥੇ ਸੰਤ ਭਿੰਡਰਾਂਵਾਲਿਆਂ ਦਾ ਪੁਤਲਾ ਸਾੜਨ ਦਾ ਐਲਾਨ ਕੀਤਾ ਸੀ, ਜਿਸ ਤਹਿਤ ਹਾਲ ਗੇਟ ਨੇੜੇ ਇਕ ਜਥੇਬੰਦੀ ਦੇ ਕੁਝ ਕਾਰਕੁਨਾਂ ਨੇ ਪੁਤਲਾ ਸਾੜਿਆ। ਇਸ ਘਟਨਾ ਦੀ ਜਾਣਕਾਰੀ ਜਦੋਂ ਦਮਦਮੀ ਟਕਸਾਲ ਅਜਨਾਲਾ ਦੇ ਆਗੂ ਭਾਈ ਅਮਰੀਕ ਸਿੰਘ ਅਜਨਾਲਾ ਨੂੰ ਮਿਲੀ ਤਾਂ ਉਹ ਆਪਣੇ ਸਾਥੀਆਂ ਸਮੇਤ ਮੌਕੇ ’ਤੇ ਪੁੱਜ ਗਏ। ਇਸ ਦੌਰਾਨ ਹਾਥੀ ਗੇਟ ਵਿੱਚ ਸ਼ਿਵ ਸੈਨਾ ਸ਼ੇਰੇ ਪੰਜਾਬ ਦੇ ਕਾਰਕੁਨਾਂ ਵੱਲੋਂ ਵੀ ਪੁਤਲਾ ਸਾੜਨ ਦੀ ਤਿਆਰੀ ਕੀਤੀ ਜਾ ਰਹੀ ਸੀ। ਸਿੱਖ ਜਥੇਬੰਦੀ ਦੇ ਕਾਰਕੁਨਾਂ ਨੂੰ ਜਦੋਂ ਇਹ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਹਾਥੀ ਗੇਟ ਵਾਲੇ ਪਾਸੇ ਕੂਚ ਕਰ ਦਿੱਤਾ। ਇਸ ਦੌਰਾਨ ਪੁਲੀਸ ਨੇ ਸ਼ਿਵ ਸੈਨਾ ਕਾਰਕੁਨਾਂ ਨੂੰ ਪੁਤਲਾ ਸਾੜਨ ਤੋਂ ਵਰਜਿਆ। ਜਿਵੇਂ ਹੀ ਪੁਲੀਸ ਸ਼ਿਵ ਸੈਨਾ ਕਾਰਕੁਨਾਂ ਨੂੰ ਭਜਾ ਰਹੀ ਸੀ ਤਾਂ ਟਕਸਾਲ ਦੇ ਕਾਰਕੁਨ ਵੀ ਪੁੱਜ ਗਏ, ਜੋ ਸ਼ਿਵ ਸੈਨਿਕਾਂ ਪਿੱਛੇ ਭੱਜੇ। ਦੋਵਾਂ ਧਿਰਾਂ ਵਿਚਾਲੇ ਹਿੰਸਕ ਘਟਨਾ ਵਾਪਰ ਸਕਦੀ ਸੀ ਪਰ ਮੌਕੇ ’ਤੇ ਹਾਜ਼ਰ ਵਧੀਕ ਡੀ.ਸੀ.ਪੀ. ਪੁਲੀਸ ਪਰਮਪਾਲ ਸਿੰਘ ਨੇ ਦੋਵਾਂ ਧਿਰਾਂ ਦੇ ਕਾਰਕੁਨਾਂ ਨੂੰ ਘੇਰ ਲਿਆ। ਪੁਲੀਸ ਇਨ੍ਹਾਂ ਕਾਰਕੁਨਾਂ ਨੂੰ ਵੱਖ ਵੱਖ ਵਾਹਨਾਂ ਵਿੱਚ ਬਿਠਾ ਕੇ ਥਾਣੇ ਲੈ ਗਈ ਅਤੇ ਸ਼ਾਮ ਤਕ ਇਨ੍ਹਾਂ ਨੂੰ ਥਾਣੇ ਵਿੱਚ ਬੰਦ ਰੱਖਿਆ। ਸੂਤਰਾਂ ਮੁਤਾਬਕ ਪੁਲੀਸ ਨੇ ਦਮਦਮੀ ਟਕਸਾਲ ਦੇ ਸੱਤ ਅਤੇ ਸ਼ਿਵ ਸੈਨਾ ਦੇ ਦੋ ਕਾਰਕੁਨਾਂ ਨੂੰ ਕਾਬੂ ਕੀਤਾ ਹੈ। ਪੁਲੀਸ ਵੱਲੋਂ ਇਨ੍ਹਾਂ ਖ਼ਿਲਾਫ਼ ਧਾਰਾ 107 , 51 ਤਹਿਤ ਕਾਰਵਾਈ ਕੀਤੇ ਜਾਣ ਦੀ ਸੰਭਾਵਨਾ ਹੈ।
ਇਸ ਬਾਰੇ ਜਦੋਂ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਸਿੱਖ ਜਥੇਬੰਦੀ ਦੇ ਕਾਰਕੁਨਾਂ ਨੂੰ ਹਿਰਾਸਤ ਵਿੱਚ ਲੈਣ ਦਾ ਵਿਰੋਧ ਕੀਤਾ। ਉਨ੍ਹਾਂ ਨੇ ਪੁਲੀਸ ਅਧਿਕਾਰੀਆਂ ਨੂੰ ਆਖਿਆ ਕਿ ਸ਼ਹੀਦਾਂ ਦਾ ਅਪਮਾਨ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ, ਨਾ ਕਿ ਆਪਣੇ ਸ਼ਹੀਦਾਂ ਦੇ ਹੋ ਰਹੇ ਅਪਮਾਨ ਨੂੰ ਰੋਕਣ ਵਾਲਿਆਂ ਖ਼ਿਲਾਫ਼। ਉਨ੍ਹਾਂ ਨੇ ਟਕਸਾਲ ਦੇ ਕਾਰਕੁਨਾਂ ਨੂੰ ਤੁਰੰਤ ਰਿਹਾਅ ਕਰਨ ਲਈ ਕਿਹਾ ਹੈ।